ਕੱਚੇ ਮੁਲਾਜ਼ਮਾਂ ਅਤੇ ਮਾਣ-ਭੱਤਾ ਵਰਕਰਾਂ ਪ੍ਰਤੀ ਚੰਨੀ ਸਰਕਾਰ ਵੀ ਸੁਹਿਰਦ ਨਹੀਂ; ਸਮੁੱਚੀਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ

 ਕੱਚੇ ਮੁਲਾਜ਼ਮਾਂ ਅਤੇ ਮਾਣ-ਭੱਤਾ ਵਰਕਰਾਂ ਪ੍ਰਤੀ ਚੰਨੀ ਸਰਕਾਰ ਵੀ ਸੁਹਿਰਦ ਨਹੀਂ; ਸਮੁੱਚੀਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ


13 ਨਵੰਬਰ ਦੀ ਬਠਿੰਡਾ ਰੈਲੀ ਖੋਲੇਗੀ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ


ਦਲਜੀਤ ਕੌਰ ਭਵਾਨੀਗੜ੍ਹ


ਮੋਰਿੰਡਾ, 06 ਨਵੰਬਰ, 2021: 'ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ' ਦੀ ਅਗਵਾਈ ਵਿੱਚ ਮੋਰਿੰਡਾ ਵਿਖੇ ਚੱਲ ਰਹੇ ਪੱਕੇ ਮੋਰਚੇ ਦੇ 22ਵੇਂ ਦਿਨ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕੀਤੇ ਜਾਣ, ਮਾਣ-ਭੱਤਾ ਵਰਕਰਾਂ 'ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ ਸਥਾਨਕ ਰੋਪੜ ਚੌੰਕ ਵਿਖੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਲਾਰਿਆਂ ਦੀ ਪੰਡ ਫੂਕਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਗਈ।


ਇਸ ਮੌਕੇ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਡੈਮੋਕ੍ਰੇਟਿਕ ਜੰਗਲਾਤ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ, ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਲਖਵਿੰਦਰ ਕੌਰ ਫਰੀਦਕੋਟ, ਆਊਟ ਸੋਰਸਿੰਗ ਜਲ ਸਪਲਾਈ ਅੈੰਡ ਸੈਨੀਟੇਸ਼ਨ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਦਲਵੀਰ ਸਿੰਘ ਆਦਿ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਭਾਵੇਂ ਤਨਖਾਹ ਕਮਿਸ਼ਨ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੁੱਝ ਅੰਸ਼ਕ ਲਾਭ ਦਿੱਤੇ ਹਨ, ਪਰ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਮਾਣ-ਭੱਤਾ ਵਰਕਰਾਂ 'ਤੇ ਘੱਟੋ-ਘੱਟ ਲਾਗੂ ਕਰਨ ਸੰਬੰਧੀ ਸਰਕਾਰ ਲਗਾਤਾਰ ਟਾਲ-ਮਟੋਲ ਕਰ ਰਹੀ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।



ਮੁਲਾਜ਼ਮ ਆਗੂਆਂ ਹਰਦੀਪ ਟੋਡਰਪੁਰ, ਮਲਾਗਰ ਸਿੰਘ ਖਮਾਣੋ, ਅਸ਼ਵਨੀ ਅਵਸਥੀ, ਬਲਵੀਰ ਸਿਵੀਆਂ, ਮਮਤਾ ਸ਼ਰਮਾ, ਸਤਨਾਮ ਸਿੰਘ ਕਜੌਲੀ ਅਤੇ ਹਰਜੀਤ ਕੌਰ ਸਮਰਾਲਾ ਨੇ ਆਖਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ, ਮਾਣ-ਭੱਤਾ ਵਰਕਰਾਂ ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲ‍ਾਗੂ ਕਰਵਾਉਣ, 01-01-2016 ਤੋਂ ਬਾਅਦ ਦੇ ਮੁਲਾਜ਼ਮਾਂ ਦੇ ਪਰਖ ਕਾਲ ਸਮੇਂ ਦੇ ਬਕਾਏ ਜਾਰੀ ਕਰਵਾਉਣ, 17-07-2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ 'ਤੇ ਕੇੰਦਰ ਦੀ ਬਜਾਏ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ, 11% ਮਹਿੰਗਾਈ ਭੱਤਾ ਜੁਲਾਈ 2021 ਤੋਂ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ 'ਤੇ ਲਾਗੂ ਕਰਵਾਉਣ ਅਤੇ ਤਨਖਾਹ ਕਮਿਸ਼ਨ ਸੰਬੰਧੀ 2.72 ਦੇ ਗੁਣਾਂਕ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਮੁਲਾਜ਼ਮ ਆਗੂਆਂ ਨੇ ਆਖਿਆ ਕਿ ਸੰਘਰਸ਼ ਦੇ ਅਗਲੇ ਪੜਾਅ ਤਹਿਤ 13 ਨਵੰਬਰ ਨੂੰ ਬਠਿੰਡਾ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਵਿੱਚ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲੀ ਜਾਵੇਗੀ।


ਇਸ ਮੌਕੇ ਮੁਲਾਜ਼ਮ ਆਗੂਆਂ ਬਲਵਿੰਦਰ ਕੌਰ ਰਾਵਲਪਿੰਡੀ, ਪਵਨ ਕੁਮਾਰ ਮੁਕਤਸਰ, ਨਛੱਤਰ ਸਿੰਘ ਤਰਨ ਤਾਰਨ, ਗੁਰਜੀਤ ਘੱਗਾ, ਹਰਜਿੰਦਰ ਸਿੰਘ ਵਡਾਲਾ, ਅਤਿੰਦਰਪਾਲ ਘੱਗਾ, ਕੁਲਵਿੰਦਰ ਸਿੰਘ ਮੁਕਤਸਰ, ਕੁਲਦੀਪ ਲਾਲ ਮੱਤੇਵਾੜਾ ਤੋਂ ਇਲਾਵਾ ਪੈਨਸ਼ਨਰ ਆਗੂ ਅਮਰਜੀਤ ਸਾਸ਼ਤਰੀ ਅਤੇ ਸੁਖਰਾਜ ਸਿੰਘ ਸਰਕਾਰੀਆ ਆਦਿ ਨੇ ਵੀ  ਸੰਬੋਧਨ ਕੀਤਾ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends